ਸਾਂਝਾ ਇਰਾਦਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Common intention_ਸਾਂਝਾ ਇਰਾਦਾ: ਭਾਰਤੀ ਦੰਡ ਸੰਘਤਾ , 1860 ਦੀ ਧਾਰਾ 34 ਵਿਚ ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਲਈ ਕੀਤੇ ਗਏ ਕਿਸੇ ਅਪਰਾਧਕ ਕੰਮ ਦੀ ਉੱਤਰਦਾਇਤਾ ਦੀ ਸੀਮਾਂ ਵਲ ਸੰਕੇਤ ਕੀਤਾ ਗਿਆ ਹੈ। ਉਸ ਧਾਰਾ ਅਨੁਸਾਰ ਜਦੋਂ ਕੋਈ ਅਪਰਾਧਕ ਕੰਮ ਕਈ ਵਿਅਕਤੀਆਂ ਦੁਆਰਾ ਉਨ੍ਹਾਂ ਸਭ ਦੇ ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਲਈ ਕੀਤਾ ਜਾਂਦਾ ਹੈ ਤਾਂ ਅਜਿਹੇ ਵਿਅਕਤੀਆਂ ਵਿਚੋਂ ਹਰੇਕ ਉਸ ਕਾਰਜ ਲਈ ਉਸੇ ਤਰ੍ਹਾਂ ਉੱਤਰਦਾਈ ਹੈ,ਜਿਵੇਂ ਕਿ ਉਹ ਕਾਰਜ ਉਸ ਇਕੱਲੇ ਨੇ ਕੀਤਾ ਹੋਵੇ। ਮੋਹਨ ਸਿੰਘ ਬਨਾਮ ਰਾਜ (ਏ ਆਈ ਆਰ 1963 ਐਸ ਸੀ 174) ਅਨੁਸਾਰ ਸਾਂਝੇ ਇਰਾਦੇ ਤੋਂ ਮੁਰਾਦ ਹੈ ਸਹਿਮਤੀ ਨਾਲ ਕੀਤਾ ਗਿਆ ਕੰਮ ਅਤੇ ਲਾਜ਼ਮੀ ਤੌਰ ਤੇ ਪਹਿਲਾਂ ਤਿਆਰ ਕੀਤੀ ਯੋਜਨਾ ਦਾ ਹੋਣਾ, ਮਨਾਂ ਦਾ ਪੂਰਬਲਾ ਮੇਲ ਹੋਣਾ ਅਤੇ ਉਸ ਅਪਰਾਧਕ ਕੰਮ ਵਿਚ ਹਿਸਾ ਲੈਣਾ ਜ਼ਰੂਰੀ ਹੋ ਜਾਂਦਾ ਹੈ।

       ਸਰਵ ਉੱਚ ਅਦਾਲਤ ਨੇ ਚੰਦਰਕਾਂਤ ਵੀ. ਮੁਰਗਯਪਾ ਉਮਰਾਨੀ ਬਨਾਮ ਮੱਧ ਪ੍ਰਦੇਸ਼ ਰਾਜ (ਏ ਆਈ ਆਰ 1999 ਐਸ ਸੀ 1557) ਵਿਚ ਕਿਹਾ ਹੈ ਕਿ ਇਸ ਧਾਰਾ ਦੇ ਉਪਬੰਧਾਂ ਅਧੀਨ ਕਿਸੇ ਵਿਅਕਤੀ ਨੂੰ ਉੱਤਰਦਾਈ ਕਰਾਰ ਦੇਣ ਲਈ ਇਹ ਸਾਬਤ ਕਰਨਾ ਜ਼ਰੂਰੀ ਹੈ ਕਿ

(i)    ਉਹ ਵਿਅਕਤੀ ਉਹ ਅਪਰਾਧਕ ਕੰਮ ਕਰਨ ਦਾ ਸਾਂਝਾ ਇਰਾਦਾ, ਪਹਿਲਾਂ ਆਯੋਜਤ ਹੋਣ ਦੇ ਭਾਵ ਵਿਚ, ਰੱਖਦੇ ਸਨ , ਅਤੇ

(ii)    ਜਿਸ ਵਿਅਕਤੀ ਨੂੰ ਇਸ ਤਰ੍ਹਾਂ ਉੱਤਰਦਾਈ ਕਰਾਰ ਦੇਣਾ ਚਾਹਿਆ ਗਿਆ ਹੈ ਉਸ ਨੇ ਉਹ ਕੰਮ ਕਰਨ ਵਿਚ ਹਿੱਸਾ ਲਿਆ ਹੈ। ਜੇਕਰ ਸਾਂਝਾ ਇਰਾਦਾ ਅਤੇ ਜੁਰਮ ਵਿਚ ਹਿੱਸਾ ਲੈਣ ਦੇ ਦੋਵੇਂ ਘਟਕ ਮੌਜੂਦ ਨ ਹੋਣ ਤਾਂ ਇਹ ਧਾਰਾ ਲਾਗੂ ਨਹੀਂ ਹੋ ਸਕਦੀ।

       ਅਨਿਲ ਸ਼ਰਮਾ ਬਨਾਮ ਝਾਰਖੰਡ ਰਾਜ [2004 ਕ੍ਰਲਿਜ 2527 (ਐਸ ਸੀ)] ਵਿਚ ਸਰਵ ਉੱਚ ਅਦਾਲਤ ਨੇ ਕਰਾਰ ਦਿੱਤਾ ਹੈ ਕਿ ਧਾਰਾ 34 ਵਿਚ ਦੱਸੇ ਅਸੂਲ ਨੂੰ ਲਾਗੂ ਕਰਨ ਦੇ ਪਰਿਣਾਮ ਸਰੂਪ ਜਦੋਂ ਇਕ ਮੁਲਜ਼ਮ ਨੂੰ ਧਾਰਾ 34 ਨਾਲ ਰਲਾ ਕੇ ਪੜ੍ਹੀ ਧਾਰਾ 302 ਅਧੀਨ ਦੋਸ਼-ਸਿੱਧ ਕਰਾਰ ਦਿੱਤਾ ਜਾਂਦਾ ਹੈ ਤਾਂ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਉਸ ਕੰਮ ਲਈ ਜਿਸ ਨਾਲ ਮਿਰਤਕ ਦੀ ਮੌਤ ਕਾਰਤ ਹੋਈ ਹੈ, ਮੁਲਜ਼ਮ ਉਸੇ ਤਰ੍ਹਾਂ ਉੱਤਰਦਾਈ ਹੈ, ਮਾਨੋਂ ਉਹ ਕੰਮ ਉਸ ਨੇ ਇਕੱਲਿਆਂ ਕੀਤਾ ਹੋਵੇ।

       ਇਹ ਧਾਰਾ ਅਜਿਹੇ ਕੇਸਾਂ ਵਿਚ ਕੰਮ ਆਉਂਦੀ ਹੈ ਜਿਨ੍ਹਾਂ ਵਿਚ ਕੁਝ ਮੁਲਜ਼ਮ ਮਿਲ ਕੇ ਸਭਨਾਂ ਦੇ ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਵਿਚ ਕੰਮ ਕਰ ਰਹੇ ਹੋਣ। ਲੇਕਿਨ ਮੁਲਜ਼ਮਾਂ ਦੁਆਰਾ ਵਿਅਕਤੀਗਤ ਰੂਪ ਵਿਚ ਕੀਤੇ ਕੰਮਾਂ ਨੂੰ ਬਾਕੀ ਮੈਂਬਰਾਂ ਦੇ ਕੰਮਾਂ ਤੋਂ ਨਿਖੇੜਨਾ ਮੁਸ਼ਕਿਲ ਹੋਵੇ ਜਾਂ ਇਹ ਸਾਬਤ ਕਰਨਾ ਮੁਸ਼ਕਿਲ ਹੋਵੇ ਕਿ ਉਨ੍ਹਾਂ ਵਿਚੋਂ ਹਰੇਕ ਨੇ ਕੀ ਕੀ ਕੰਮ ਕੀਤਾ ਸੀ। ਇਸ ਉਪਬੰਧ ਦੇ ਫਲਸਰੂਪ ਅਜਿਹੇ ਮੁਲਜ਼ਮ ਵੀ ਉੱਤਰਦਾਈ ਮੰਨੇ ਜਾ ਸਕਦੇ ਹਨ ਜੋ ਸਾਂਝੇ ਇਰਾਦੇ ਵਿਚ ਤਾਂ ਸ਼ਾਮਲ ਹੋਣ ਲੇਕਿਨ ਜਿਨ੍ਹਾਂ ਨੇ ਜੁਰਮ ਨੂੰ ਅਮਲੀ ਰੂਪ ਦੇਣ ਵਿਚ ਅਮਲੀ ਤੌਰ ਤੇ ਕੁਝ ਵੀ ਨਾ ਕੀਤਾ ਹੋਵੇ, ਪਰ ਮੌਕੇ ਤੇ ਹਾਜ਼ਰ ਹੋਣ। ਬੀਰੇਂਦਰ ਕੁਮਾਰ ਘੋਸ਼ ਬਨਾਮ ਸਹਿਨਸ਼ਾਹ(52 ਆਈ ਏ 40 ਪ੍ਰੀ. ਕੌ.) ਇਸ ਤਰ੍ਹਾਂ ਦਾ ਇਕ ਕਲਾਸੀਕਲ ਕੇਸ ਹੈ।        

       ਪਰ ਜਿਥੇ ਪੰਜ ਮੁਲਜ਼ਮ ਉਨ੍ਹਾਂ ਵਿਚੋਂ ਇਕ ਦੀ ਬੀਵੀ ਨੂੰ ਉਸ ਦੇ ਪੇਕੇ ਘਰੋਂ ਜ਼ਬਰਦਸਤੀ ਲੈਣ ਜਾਂਦੇ ਹਨ ਅਤੇ ਜੇ ਲੋੜ ਪਵੇ ਤਾਂ ਉਸ ਲਈ ਤਾਕਤ ਵਰਤਣ ਨੂੰ ਤਿਆਰ ਹਨ, ਉਥੇ ਜੇ ਇਕ ਮੁਲਜ਼ਮ ਗੋਲੀ ਚਲਾ ਕੇ ਪਤਨੀ ਦੇ ਪੇਕੇ ਰਿਸ਼ਤੇਦਾਰਾਂ ਵਿਚੋਂ ਕਿਸੇ ਨੂੰ ਮਾਰ ਦਿੰਦਾ ਹੈ ਉਥੇ ਇਰਾਦੇ ਦੀ ਸਾਂਝ ਕਤਲ ਤਕ ਨਹੀਂ ਲਿਜਾਈ ਜਾ ਸਕਦੀ। (ਲਾਲ ਰਾਮ ਅਤੇ ਹੋਰ ਬਨਾਮ ਮੱਧ ਪ੍ਰਦੇਸ਼ ਰਾਜ-ਏ ਆਈ ਆਰ 1994 ਐਸ ਸੀ 1452)।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1416, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.